Thursday, April 16, 2015

ਭਾਈ ਜਗਤਾਰ ਸਿੰਘ ਹਵਾਰਾ ਲੁਧਿਆਣਾ ਬਾਰੂਦ ਕੇਸ 'ਚੋ ਬਰੀ


ਭਾਈ ਜਗਤਾਰ ਸਿੰਘ ਹਵਾਰਾ ਲੁਧਿਆਣਾ ਬਾਰੂਦ ਕੇਸ 'ਚੋ ਬਰੀ
     ਤਿਹਾੜ ਜੇਲ੍ਹ, ਦਿੱਲੀ ਵਿਚ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ ਅੱਜ ਇੱਥੇ ਐਡੀਸ਼ਨਲ ਸੈਸ਼ਨ ਜੱਜ ਸ੍ਰੀ ਸੰਜੀਵ ਜੋਸ਼ੀ ਦੀ ਮਾਨਯੋਗ ਅਦਾਲਤ ਵਲੋਂ ਬਾ-ਇੱਜ਼ਤ ਬਰੀ ਕਰ ਦਿੱਤਾ ਗਿਆ। ਅੱਜ ਭਾਈ ਜਗਤਾਰ ਸਿੰਘ ਨੂੰ ਵੀਡਿਓ ਕਾਨਫਰੰਸਿੰਗ ਰਾਹੀਂ ਤਿਹਾੜ ਜੇਲ੍ਹ, ਦਿੱਲੀ ਤੋਂ ਪੇਸ਼ ਕੀਤਾ ਗਿਆ। ਕੇਸ ਦੀ ਆਖਰੀ ਬਹਿਸ ਹੋਣ ਤੋਂ ਬਾਅਦ ਅੱਜ ਲਈ ਫੈਸਲਾ ਰਾਖਵਾਂ ਰੱਖਿਆ ਗਿਆ ਸੀ।ਉਹਨਾਂ ਵਲੋਂ ਵਕੀਲ ਸ. ਜਸਪਾਲ ਸਿੰਘ ਮੰਝਪੁਰ ਪੇਸ਼ ਹੋਏ।
     ਜਿਕਰਯੋਗ ਹੈ ਕਿ ਇਹ ਕੇਸ ਮੁਕੱਦਮਾ ਨੰਬਰ 203, ਮਿਤੀ 28 ਜਨਵਰੀ 1995 ਨੂੰ ਬਾਰੂਦ ਐਕਟ ਦੀ ਧਾਰਾ 4, 5 ਅਧੀਨ, ਥਾਣਾ ਫੋਕਲ ਪੁਆਇੰਟ ਲੁਧਿਆਣਾ ਵਿਚ ਦਰਜ਼ ਕੀਤਾ ਗਿਆ ਸੀ ਜਿਸ ਵਿਚ ਭਾਈ ਹਵਾਰਾ ਪਾਸੋਂ 7 ਕਿਲੋ ਆਰ.ਡੀ.ਐਕਸ ਅਤੇ 12 ਕਿਲੋ ਜੈਲੇਟੀਨ ਦੀ ਬਰਾਮਦਗੀ ਦਿਖਾਈ ਗਈ ਸੀ। ਇਸ ਕੇਸ ਦਾ ਚਲਾਨ 1996 ਵਿਚ ਪੇਸ਼ ਕਰ ਦਿੱਤਾ ਗਿਆ ਸੀ ਪਰ ਬਾਅਦ ਵਿਚ ਬੇਅੰਤ ਕਤਲ ਕਾਂਡ ਕੇਸ ਬੁੜੈਲ ਜੇਲ੍ਹ ਵਿਚ ਚੱਲਣ ਦਾ ਨੋਟੀਫਿਕੇਸ਼ਨ ਹੋਣ ਕਾਰਨ ਇਸ ਕੇਸ ਦੀ ਕਾਰਵਾਈ ਰੁਕ ਗਈ ਸੀ ਤੇ 30 ਮਾਰਚ 2011 ਨੂੰ ਭਾਈ ਹਵਾਰਾ ਖਿਲਾਫ ਇਸ ਕੇਸ ਦਾ ਚਾਰਜ਼ ਲਗਾਇਆ ਗਿਆ ਸੀ।
     ਇਸ ਕੇਸ ਵਿਚ ਜਿਲ੍ਹਾ ਮੈਜਿਸਟ੍ਰੇਟ ਦੇ ਅਹਿਲਮਦ ਪ੍ਰਭਜੀਤ ਸਿੰਘ, ਇੰਸਪੈਕਟਰ ਨਰਿੰਦਰਜੀਤ ਸਿਂੰਘ, ਇੰਸਪੈਕਟਰ ਗੁਰੰਦਰਜੀਤ ਸਿੰਘ, ਇੰਸਪੈਕਰਟ ਸ਼ਿਵ ਚਰਨ, ਅਸਿਸਟੈਂਟ ਸਬ ਇੰਸਪੈਕਟ ਕੁਲਦੀਪ ਸਿੰਘ ਤੇ ਹੌਲ਼ਦਾਰ ਰਵਿੰਦਰ ਸਿੰਘ ਦੀਆਂ ਗਵਾਹੀਆਂ ਦਰਜ਼ ਹੋਈਆਂ ਸਨ। ਇਸ ਕੇਸ ਸਬੰਧੀ ਭਾਈ ਹਵਾਰਾ ਨੂੰ ਪਿਛਲੀਆਂ ਤਰੀਕਾਂ 'ਤੇ ਸਿੱਧੇ ਰੂਪ ਵਿਚ ਹਾਜ਼ਰ ਨਾ ਕਰਕੇ ਵੀਡਿਓ ਕਾਨਫਰੈਂਸਿੰਗ ਰਾਹੀਂ ਪੇਸ਼ੀ ਭੁਗਤਾਈ ਜਾ ਰਹੀ ਸੀ ਅਤੇ ਅੱਜ ਵੀ ਵੀਡਿਓ ਕਾਨਫਰੈਂਸਿੰਗ ਰਾਹੀਂ ਹੀ ਫੈਸਲਾ ਸੁਣਾਇਆ ਗਿਆ।
     ਇਸ ਸਬੰਧੀ ਗੱਲਬਾਤ ਕਰਦਿਆਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਇਸ ਕੇਸ ਵਿਚ ਕੇਵਲ ਪੁਲਿਸ ਦੀਆਂ ਗਵਾਹੀਆਂ ਹੀ ਦਰਜ਼ ਕੀਤੀਆਂ ਗਈਆਂ ਸਨ ਤੇ ਕੋਈ ਵੀ ਪਬਲਿਕ ਦਾ ਗਵਾਹ ਨਹੀਂ ਸੀ ਪੇਸ਼ ਹੋਇਆ ਤੇ ਪੁਲਿਸ ਦੇ ਵੱਖ-ਵੱਖ ਅਫਸਰਾਂ ਵਲੋਂ ਦਿੱਤੀਆਂ ਗਈਆਂ ਵਿਚ ਵੱਡੀਆਂ ਭਿੰਨਤਾਵਾਂ ਹੋਣ ਦਾ ਫਾਇਦਾ ਕੋਰਟ ਵਲੋਂ ਭਾਈ ਹਵਾਰਾ ਨੂੰ ਦਿੱਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਸਰਕਾਰ ਇਹ ਵੀ ਸਾਬਤ ਕਰਨ ਵਿਚ ਫੇਲ ਸਿੱਧ ਹੋਈ ਹੈ ਕਿ ਇਸ ਕੇਸ ਵਿਚ ਪੇਸ਼ ਕੀਤਾ ਗਿਆ ਬਾਰੂਦ ਇਸ ਕੇਸ ਵਿਚ ਹੀ ਬਰਾਮਦ ਕੀਤਾ ਗਿਆ ਸੀ ਅਤੇ ਬਰਾਮਦਗੀ ਬਾਰੂਦ ਦੇ ਪੁਲੰਦਿਆਂ ਉੱਤੇ ਕੋਈ ਸੀਲ ਜਾਂ ਮੋਹਰ ਨਹੀਂ ਸੀ ਲੱਗੀ ਹੋਈ।ਉਹਨਾਂ ਅੱਗੇ ਦੱਸਿਆ ਕਿ ਭਾਈ ਹਵਾਰਾ ਉੱਤੇ ਲੁਧਿਆਣਾ ਵਿਚ ਪਹਿਲਾ ਕੇਸ ਜੋ ਕਿ ਅਸਲਾ ਐਕਟ ਦਾ ਸੀ, ਨੂੰ ਪਹਿਲਾ ਦਰਜਾ ਜੁਡੀਸ਼ਲ ਮੈਜਿਸਟ੍ਰੇਟ ਸ੍ਰੀ ਅਤੁਲ ਕੰਬੋਜ ਵਲੋਂ 31 ਅਗਸਤ 2012 ਨੂੰ ਬਾ-ਇੱਜ਼ਤ ਬਰੀ ਕਰ ਦਿੱਤਾ ਗਿਆ ਸੀ।

No comments:

Post a Comment