Monday, April 14, 2014

'ਪੰਜਾਬੀਆਂ ਨੇ ਬੜਾ ਗੰਦ ਪਾਇਐ, ਇਨ੍ਹਾਂ ਦੀਆਂ ਕੰਬਾਈਨਾਂ ਨੂੰ ਅੱਗ ਲਾ ਦਿਉ'


'ਪੰਜਾਬੀਆਂ ਨੇ ਬੜਾ ਗੰਦ ਪਾਇਐ, ਇਨ੍ਹਾਂ ਦੀਆਂ ਕੰਬਾਈਨਾਂ ਨੂੰ ਅੱਗ ਲਾ ਦਿਉ'

ਸ੍ਰੀ ਮੁਕਤਸਰ ਸਾਹਿਬ, 12 ਅਪ੍ਰੈਲ (ਗੁਰਦੇਵ ਸਿੰਘ/ਰਣਜੀਤ ਸਿੰਘ) : ਇਕ ਪਾਸੇ ਜਿਥੇ ਗੁਜਰਾਤ ਵਿਚ ਵਸਦੇ ਪੰਜਾਬੀ ਕਿਸਾਨਾਂ 'ਤੇ ਪਹਿਲਾਂ ਹੀ ਉਜਾੜੇ ਦੀ ਤਲਵਾਰ ਲਟਕ ਰਹੀ ਹੈ, ਉਥੇ ਹੀ, ਕੰਬਾਈਨਾਂ ਨਾਲ  ਹਾੜੀ-ਸਾਉਣੀ ਦੀ ਫ਼ਸਲ ਦੀ ਵਾਢੀ ਲਈ ਗੁਜਰਾਤ ਗਏ ਪੰਜਾਬੀ ਕਿਸਾਨਾਂ ਨੂੰ  ਵੀ ਗੁਜਰਾਤ ਸਰਕਾਰ ਵਲੋਂ ਤੰਗ-ਪ੍ਰੇਸ਼ਾਨ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਕਿਸਾਨ, ਅਪਣੀ ਰੋਜ਼ੀ-ਰੋਟੀ ਲਈ, ਅਪਣੀਆਂ ਕੰਬਾਈਨਾਂ ਲੈ ਕੇ ਗੁਜਰਾਤ ਵਿਖੇ ਫ਼ਸਲਾਂ ਦੀ ਵਾਢੀ ਲਈ ਜਾਂਦੇ ਹਨ ਪਰ ਗੁਜਰਾਤ ਦੀ ਮੋਦੀ ਸਰਕਾਰ ਦੇ ਮੰਤਰੀਆਂ ਵਲੋਂ ਸ਼ਰੇਆਮ ਪੰਜਾਬੀ ਕਿਸਾਨਾਂ ਨੂੰ ਧਮਕੀਆਂ ਦਿਤੀਆਂ ਜਾਂਦੀਆਂ ਹਨ ਕਿ ਇਨ੍ਹਾਂ ਪੰਜਾਬੀਆਂ ਨੇ ਬੜਾ ਗੰਦ ਪਾਇਆ ਹੋਇਐ, ਇਨ੍ਹਾਂ ਦੀਆਂ ਕੰਬਾਈਨਾਂ ਨੂੰ ਅੱਗ ਲਾ ਦਿਉ। ਇਸ ਤੋਂ ਇਲਾਵਾ ਸਾਡੇ ਕੋਲੋਂ ਗੁਜਰਾਤ ਵਿਚ ਦਾਖ਼ਲ ਹੋਣ ਵੇਲੇ 4500/- ਪ੍ਰਤੀ ਕੰਬਾਈਨ ਵਸੂਲੇ ਜਾਂਦੇ ਹਨ ਜਦਕਿ ਜਿਸ ਇਲਾਕੇ ਵਿਚ ਅਸੀ ਕੰਬਾਈਨ ਚਲਾਉਂਦੇ ਹਾਂ ਉਥੋਂ ਦੀ ਪੁਲਿਸ ਸਾਡੇ ਕੋਲੋਂ ਤੀਹ-ਤੀਹ ਹਜ਼ਾਰ ਰੁਪਏ ਵਖਰੇ ਲੈਂਦੀ ਹੈ। ਇਸ ਤੋਂ ਇਲਾਵਾ ਪੰਜਾਬੀਆਂ ਦੀ ਕੰਬਾਈਨ, ਸੜਕ 'ਤੇ ਖੜੀ ਵੇਖ ਕੇ ਗੁਜਰਾਤ ਪੁਲਿਸ ਹੋਰ ਵੀ ਗ਼ੈਰ-ਕਾਨੂੰਨੀ ਫ਼ੀਸਾਂ ਵਸੂਲਦੀ ਰਹਿੰਦੀ ਹੈ। ਉਕਤ ਸਾਰੀ ਘਟਨਾ ਇਕ ਕਿਸਾਨ ਵਲੋਂ ਹਲਕਾ ਫ਼ਿਰੋਜ਼ਪੁਰ ਤੋਂ ਕਾਂਗਰਸੀ ਉਮੀਦਵਾਰ ਸ੍ਰੀ ਸੁਨੀਲ ਜਾਖੜ ਨੂੰ ਉਦੋਂ ਦੱਸੀ ਗਈ ਜਦੋਂ  ਉਹ ਜ਼ਿਲ੍ਹਾ ਕਚਹਿਰੀਆਂ ਵਿਖੇ ਬਾਰ ਐਸੋਸੀਏਸ਼ਨ 'ਚ ਇਕੱਤਰਤਾ ਨੂੰ ਸੰਬੋਧਨ ਕਰ ਰਹੇ ਸਨ।  ਇਸ ਕਿਸਾਨ ਨੇ ਅਪਣੇ ਸਾਥੀਆਂ ਦੀ ਇਕ ਲੰਮੀ ਸੂਚੀ ਵਿਖਾਉਂਦਿਆਂ ਦਸਿਆ ਕਿ ਸਾਰੇ ਪੰਜਾਬੀ ਕੰਬਾਈਨਾਂ ਵਾਲੇ, ਇਕ-ਦੂਜੇ ਤੋਂ ਘੱਟ ਰੇਟ 'ਤੇ ਵਾਢੀ ਕਰਨ ਤੋਂ ਤੰਗ ਹੋ ਕੇ,


ਅਸੀ ਸਾਰੇ ਜ਼ਿਲ੍ਹਾ ਜੂਨਾਗੜ੍ਹ੍ਹ ਦੇ ਮਾਗਲੇਰ ਸ਼ਹਿਰ ਵਿਚ ਮਾਲੀਆ ਪੰਪ ਨੇੜੇ ਇਕੱਤਰ ਹੋ ਕੇ, ਇਕ ਰੇਟ 'ਤੇ ਵਾਢੀ ਕਰਨ ਬਾਰੇ ਸਹਿਮਤੀ ਬਣਾ ਰਹੇ ਸੀ ਕਿ ਉਥੇ ਗੁਜਰਾਤ ਸਰਕਾਰ ਦਾ ਇਕ ਮੰਤਰੀ ਆ ਗਿਆ ਅਤੇ ਆਉਂਦਿਆਂ ਹੀ ਉੱਚੀ-ਉੱਚੀ ਕਹਿਣ ਲੱਗ ਪਿਆ ਕਿ ਇਨ੍ਹਾਂ ਪੰਜਾਬੀਆਂ ਨੇ ਬੜਾ ਗੰਦ ਪਾਇਆ ਹੋਇਐ, ਇਨ੍ਹਾਂ ਦੀਆਂ ਕੰਬਾਈਨਾਂ ਨੂੰ ਅੱਗ ਲਗਾ ਦਿਉ।'' ਇਸ ਤੋਂ ਇਲਾਵਾ ਉਸ ਨੇ ਹੋਰ ਵੀ ਬਹੁਤ ਮਾੜੇ ਸ਼ਬਦ ਬੋਲੇ। ਉਕਤ ਕਿਸਾਨਾਂ ਨੇ, ਗੁਜਰਾਤ ਜਾਣ ਵਾਲੇ ਸਾਰੇ ਕਿਸਾਨਾਂ ਦੇ ਨਾਮ, ਪਤੇ ਅਤੇ ਮੋਬਾਈਲ ਨੰਬਰਾਂ ਦੀ ਸੂਚੀ ਵੀ ਜਾਰੀ ਕੀਤੀ ਹੈ। ਉਕਤ ਕਿਸਾਨ ਵੀਰਾਂ ਨੇ ਭਾਵੁਕ ਹੁੰਦਿਆਂ ਕਿਹਾ ਕਿ ਜੇਕਰ ਮੋਦੀ ਪ੍ਰਧਾਨ ਮੰਤਰੀ ਬਣ ਗਿਆ ਤਾਂ ਪੰਜਾਬ ਦੇ ਕਿਸਾਨਾਂ ਤੋਂ ਇਥੋਂ ਦਾ ਨਹਿਰੀ ਪਾਣੀ ਵੀ ਖੋਹ ਲਿਆ ਜਾਵੇਗਾ ਜਿਸ ਦਾ ਅੰਦਾਜ਼ਾ ਮੋਦੀ ਵਲੋਂ ਦਰਿਆਵਾਂ ਨੂੰ ਇਕ ਕਰਨ ਦੇ ਐਲਾਨ ਤੋਂ ਲਾਇਆ ਜਾ ਸਕਦਾ ਹੈ।

No comments:

Post a Comment