ਭਾਈ ਹਰਮਿੰਦਰ ਸਿੰਘ ਨੂੰ 2009 ਦੇ ਰਾਏਕੋਟ ਬਾਰੂਦ ਕੇਸ ਚੋ ਜਮਾਨਤ ਮਿਲੀ
ਲੁਧਿਆਣਾ, 30 ਜੁਲਾਈ 2015 (ਵਿਸੇਸ਼ ਪ੍ਰਤੀਨਿਧੀ)- ਮੈਕਸੀਮਮ ਸਕਿਓਰਟੀ ਜੇਲ੍ਹ, ਨਾਭਾ ਵਿਚ ਨਜ਼ਰਬੰਦ ਭਾਈ ਹਰਮਿੰਦਰ ਸਿੰਘ ਦੀ ਅੱਜ ਇੱਥੇ ਐਡੀਸ਼ਨਲ ਸੈਸ਼ਨ ਜੱਜ ਸ੍ਰੀ ਕਰੁਨੇਸ਼ ਕੁਮਾਰ ਦੀ ਮਾਨਯੋਗ ਅਦਾਲਤ ਵਲੋਂ ਜਮਾਨਤ ਮਨਜੂਰ ਕਰ ਦਿੱਤੀ ਗਈ।ਉਹਨਾਂ ਵਲੋਂ ਵਕੀਲ ਸ. ਜਸਪਾਲ ਸਿੰਘ ਮੰਝਪੁਰ ਪੇਸ਼ ਹੋਏ।ਅਦਾਲਤ ਵਲੋਂ 1-1 ਲੱਖ ਦੀਆਂ 2 ਜਮਾਨਤਾਂ ਭਰਨ ਦੇ ਹੁਕਮ ਦਿੱਤੇ ਹਨ ਜਿਸ ਨੂੰ ਆਉਂਦੇ ਦਿਨਾਂ ਵਿਚ ਭਰ ਦਿੱਤਾ ਜਾਵੇਗਾ।
ਜਿਕਰਯੋਗ ਹੈ ਕਿ ਇਹ ਕੇਸ ਮੁਕੱਦਮਾ ਨੰਬਰ 84, ਮਿਤੀ 29-06-2006 ਨੂੰ ਬਾਰੂਦ ਐਕਟ ਦੀ ਧਾਰਾ 3,4,5 ਆਈ.ਪੀ.ਸੀ ਦੀ ਧਾਰਾ 121, 121A, 123, 153, 153A, 120B ਅਤੇ ਗੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀ ਧਾਰਾ 18 ਅਧੀਨ ਥਾਣਾ ਰਾਏਕੋਟ ਵਿਚ ਦਰਜ਼ ਕੀਤਾ ਗਿਆ ਸੀ ਜਿਸ ਵਿਚ ਇਕ ਕਾਰ ਵਿਚੋਂ 3 ਕਿਲੋ 975 ਗਰਾਮ ਆਰ.ਡੀ.ਐਕਸ, ਤੇ ਤਾਰਾਂ ਸਮੇਤ 6 ਡੈਟਾਨੋਟਰ ਬਰਾਮਦ ਹੋਏ ਸੀ । ਇਸ ਕੇਸ ਵਿਚ ਕੁੱਲ 8 ਸਿੱਖਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਤੇ ਮਿਤੀ 19-07-2014 ਨੂੰ 3 ਨੂੰ ਸਜ਼ਾ ਤੇ 2 ਨੂੰ ਬਰੀ ਕੀਤਾ ਗਿਆ ਸੀ ਤੇ ਹਰਮਿੰਦਰ ਸਿੰਘ ਦੀ ਗ੍ਰਿਫਤਾਰੀ ਇਸ ਕੇਸ ਵਿਚ 25-08-2010ਨੂੰ ਪਾਈ ਗਈ ਸੀ।2 ਸਿੱਖ ਅਜੇ ਵੀ ਇਸ ਕੇਸ ਵਿਚ ਭਗੌੜੇ ਕਰਾਰ ਦਿੱਤੇ ਹੋਏ ਹਨ।
ਇਸ ਸਬੰਧੀ ਗੱਲਬਾਤ ਕਰਦਿਆਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਇਸ ਕੇਸ ਵਿਚ ਹਰਮਿੰਦਰ ਸਿੰਘ ਕੋਲੋ ਕੋਈ ਬਰਾਮਦਗੀ ਨਹੀਂ ਹੋਈ ।ਉਹਨਾਂ ਅੱਗੇ ਦੱਸਿਆ ਕਿ ਭਾਈ ਹਰਮਿੰਦਰ ਸਿੰਘ ਉੱਤੇ ਦਰਜ਼ ਕੀਤੇ ਇਸ ਕੇਸ ਵਿਚ ਜਮਾਨਤ ਮਿਲਣ ਤੋਂ ਇਲਾਵਾ ਸੱਤ ਕੇਸ ਬਰੀ ਹੋ ਚੁੱਕੇ ਹਨ ਜਿਹਨਾਂ ਵਿਚ ਸ਼ਿੰਗਾਰ ਸਿਨਮਾ ਲੁਧਿਆਣਾ ਬਲਾਸਟ ਕੇਸ, ਅੰਬਾਲਾ ਬਲਾਸਟ ਕੇਸ ਤੇ ਪਟਿਆਲਾ ਬਲਾਸਟ ਕੇਸ ਪ੍ਰਮੁੱਖ ਹਨ ਅਤੇ ਹੁਣ ਸਿਰਫ ਇਕ ਕੇਸ ਹੀ ਲੁਧਿਆਣਾ ਕੋਰਟ ਵਿਚ ਬਾਕੀ ਹੈ ਜਿਸਦੀ ਵੀ ਆਖਰੀ ਬਹਿਸ ਵੀ ਤਕਰੀਬਨ ਮੁਕੰਮਲ ਹੋ ਚੁੱਕੀ ਹੈ ਅਤੇ ਅਗਸਤ ਮਹੀਨੇ ਵਿਚ ਉਸਦਾ ਫੈਸਲਾ ਵੀ ਆਉਂਣ ਦੀ ਉਮੀਦ ਹੈ।