ਦੁੱਖ ਅਜਰ ਨੂੰ ਜਰਣ ਵਾਲਾ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ
ਪੰਜਾਬ ਸਰਕਾਰ ਨੇ ਆਖਰ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ੨੧ ਸਾਲ ਤੋਂ ਵੱਧ ਸਮਾਂ ਗੁਰੂ-ਵਰੋਸਾਈ ਧਰਤ ਪੰਜਾਬ ਤੋਂ ਦੂਰ ਤਿਹਾੜ ਜੇਲ੍ਹ ਦਿੱਲੀ ਵਿਚ ਨਜ਼ਰਬੰਦ ਰਹਿਣ ਤੋਂ ਗੁਰੂ ਰਾਮਦਾਸ ਪਾਤਸ਼ਾਹ ਦੀ ਧਰਤੀ ਸ੍ਰੀ ਅੰਮ੍ਰਿਤਸਰ ਵਿਖੇ ਲਿਆਉਂਣਾ ਕੀਤਾ ਹੈ। ੨੧ ਸਾਲ ਦਾ ਸਮਾਂ ਬੜਾ ਲੰਮਾ ਹੁੰਦਾ ਹੈ ਅਤੇ ਇਕ ਪੀੜੀ ਦਾ ਫਾਸਲਾ ਪੈ ਜਾਂਦਾ ਹੈ।ਭਾਵੇਂ ਕਿ ਇਹ ਫੈਸਲਾ ਟਰਾਂਸਫਰ ਆਫ ਪਰਿਜ਼ਨਰ ਅੇਕਟ ੧੯੫੦ ਦੀ ਧਾਰਾ ੩ ਤਹਿਤ ਕੀਤਾ ਗਿਆ ਹੈ ਪਰ ਇਸ ਵਿਚ ਸਿਆਸਤ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।ਪ੍ਰੋ. ਭੁੱਲਰ ਜੀ ਦੀ ਧਰਮ ਸੁਪਤਨੀ ਬੀਬੀ ਨਵਨੀਤ ਕੌਰ ਨੇ ਅਕਤੂਬਰ ੨੦੧੪ ਵਿਚ ਪ੍ਰੋ. ਭੁੱਲਰ ਨੂੰ ਪੰਜਾਬ ਅਤੇ ਵਿਸੇਸ਼ ਕਰਕੇ ਅੰਮ੍ਰਿਤਸਰ ਜੇਲ੍ਹ ਵਿਚ ਤਬਦੀਲ ਕਰਨ ਲਈ ਪੱਤਰ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਪੱਤਰ ਲਿਖਿਆ ਸੀ ਜਿਸ ਤੋਂ ਬਾਅਦ ਇਹ ਕਾਰਵਾਈ ਸ਼ੁਰੂ ਹੋਈ ਅਤੇ ਆਖਰ ਸਾਰੀਆਂ ਕਾਰਵਾਈਆਂ ਮੁਕੰਮਲ ਹੋਣ ਤੋਂ ਬਾਅਦ ਅੱਜ ਪ੍ਰੋ. ਸਾਹਿਬ ਨੂੰ ਅੰਮ੍ਰਿਤਸਰ ਸਾਹਿਬ ਲਿਆਂਦਾ ਗਿਆ।
ਜਿਕਰਯੋਗ ਹੈ ਕਿ ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਨੂੰ ਜਨਵਰੀ ੧੯੯੫ ਵਿਚ ਜਰਮਨੀ ਸਰਕਾਰ ਨੇ ਸਿਆਸੀ ਸ਼ਰਨ ਦੇਣ ਦੀ ਥਾਂ ਡਿਪੋਰਟ ਕਰਕੇ ਲੁਫਥਾਨਸਾ ਏਅਰਵੇਜ਼ ਦੀ ਫਲਾਈਟ ਨੰਬਰ ਲ਼੍ਹ-੭੬੦ ਰਾਹੀਂ ਭਾਰਤ ਵਾਪਸ ਭੇਜ ਦਿੱਤਾ ਸੀ ਅਤੇ ੧੯ ਜਨਵਰੀ ੧੯੯੫ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹਵਾਈ ਅੱਡਾ ਪੁਲਿਸ ਅਥਾਰਟੀ ਦੇ ਹਵਾਲੇ ਕਰ ਦਿੱਤਾ ਗਿਆ ਸੀ ਅਤੇ ਜਾਅਲੀ ਪਾਸਪੋਰਟ ਦੇ ਕਾਰਨ ਐੱਫ. ਆਈ. ਆਰ ਨੰਬਰ ੨੨ ਅਧੀਨ ਧਾਰਾ ੪੧੯, ੪੨੦, ੪੬੮,ਤੇ ੪੭੧ ਆਈ.ਪੀ.ਸੀ ਤੇ ੧੨ ਪਾਸਪੋਰਟ ਐਕਟ ਅਧੀਨ ਕੇਸ ਦਰਜ਼ ਕੀਤਾ ਗਿਆ ਤੇ ਦਰਸਾਇਆ ਗਿਆ ਕਿ ਉਹਨਾਂ ਨੇ ਕਈ ਕੇਸਾਂ ਵਿਚ ਆਪਣੀ ਮੌਜੂਦਗੀ ਦੱਸੀ ਜਿਸ ਵਿਚ ੧੧ ਸਤੰਬਰ ੧੯੯੩ ਨੂੰ ਮਨਿੰਦਰਜੀਤ ਬਿੱਟੇ 'ਤੇ ਹੋਇਆ ਹਮਲਾ ਵੀ ਸ਼ਾਮਲ ਸੀ ਅਤੇ ਇਸੇ ਕਾਰਨ ਉਹਨਾਂ ਨੂੰ ਇਸ ਕੇਸ ਦੀ ਜਾਂਚ ਕਰ ਰਹੇ ਇਕ ਏ.ਸੀ.ਪੀ. ਦੇ ਹਵਾਲੇ ਕਰ ਦਿੱਤਾ ਗਿਆ ਤੇ ਕੇਸ ਵਿਚ ਫਸਾ ਦਿੱਤਾ ਗਿਆ ਜਿਸਦੇ ਫੈਸਲੇ ਵਜੋਂ ੨੫ ਅਗਸਤ ੨੦੦੧ ਨੂੰ ਦਿੱਲੀ ਦੀ ਟਾਡਾ ਕੋਰਟ ਵਲੋਂ ਫਾਂਸੀ ਦੀ ਸਜ਼ਾ ਦਿੱਤੀ ਗਈ ਜਿਸਨੂੰ ਸੁਪਰੀਮ ਕੋਰਟ ਨੇ ੨:੧ ਦੇ ਬਹੁਮਤ ਨਾਲ ੨੨ ਮਾਰਚ ੨੦੦੨ ਨੂੰ ਸਹੀ ਕਰਾਰ ਦਿੱਤਾ ਅਤੇ ੧੯ ਦਸੰਬਰ ੨੦੦੨ ਨੂੰ ਭਾਰਤ ਦੇ ਰਾਸ਼ਟਰਪਤੀ ਨੂੰ ਪ੍ਰੋ. ਭੁੱਲਰ ਜੀ ਦੀ ਫਾਂਸੀ ਦੀ ਸਜ਼ਾ ਨੂੰ ਖਤਮ ਕਰਨ ਦੀ ਪਟੀਸ਼ਨ ਪਾਈ ਗਈ ਅਤੇ ਅੰਤ ੨੬ ਮਈ ੨੦੧੧ ਨੂੰ ਭਾਰਤ ਦੀ ਰਾਸ਼ਰਟਪਤੀ ਪ੍ਰਤਿਭਾ ਪਾਟਲ ਨੇ ਇਹ ਅਪੀਲ ਖਾਰਜ਼ ਕਰਨ ਦਾ ਫੈਸਲਾ ਦਿੱਤਾ ਸੀ ਭਾਵੇਂ ਕਿ ਪ੍ਰੋ. ਸਾਹਿਬ ਦਸੰਬਰ ੨੦੧੦ ਤੋਂ ਦਿੱੱਲੀ ਦੀ ਮਨੁੱਖੀ ਵਿਵਹਾਰ ਤੇ ਸਇੰਸਜ਼ ਸੰਸਥਾ ਵਿਚ ਇਲਾਜ ਲਈ ਨਜ਼ਰਬੰਦ ਸਨ।ਅਤੇ ਅੰਤ ੩੧ ਮਾਰਚ ੨੦੧੪ ਨੂੰ ਸੁਪਰੀਮ ਕੋਰਟ ਵਲੋਂ ਪ੍ਰੋ. ਭੁੱਲਰ ਦੀ ਪਤਨੀ ਬੀਬੀ ਨਵਨੀਤ ਕੌਰ ਵਲੋਂ ਪਾਈ ਰਿੱਟ ਉਪਰ ਫੈਸਲਾ ਦਿੰਦਿਆਂ ਫਾਂਸੀ ਨੂੰ ਉਮਰ ਕੈਦ ਵਿਚ ਤਬਦੀਲ ਕਰ ਦਿੱਤਾ ਗਿਆ ਸੀ।
ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦਾ ਨਾਮ ਪੜ੍ਹ-ਸੁਣ ਕੇ ਇਕ ਛੋਟੇ ਜਿਹੇ ਕੱਦ ਵਾਲੇ ਵਿਅਕਤੀ ਦਾ ਭਰਵੀਂ ਦਾਹੜੀ ਵਾਲ ਰੂਹਾਨੀ ਚੇਹਰਾ ਸਾਹਮਣੇ ਆ ਜਾਂਦਾ ਹੈ ਜਿਸਦੀਆਂ ਅੱਖਾਂ ਵਿਚ ਸਰਬੱਤ ਦੇ ਭਲੇ ਲਈ ਸੰਘਰਸ਼ ਦਾ ਜਲਾਲ ਤੇ ਮੁੱਖ ਵਿਚ ਮਿੱਠੀ ਬਾਣੀ ਹੋਵੇ।ਜੇਲ੍ਹ ਕਰਮਚਾਰੀ ਪ੍ਰੋ. ਭੁੱਲਰ ਨੂੰ ਬਾਬਾ ਜੀ ਕਹਿ ਕੇ ਸੰਬੋਧਤ ਹੁੰਦੇ ਹਨ ਅਤੇ ਜਦੋਂ ਵੀ ਕੋਈ ਜੇਲ੍ਹ ਕਰਮਚਾਰੀ ਜੋ ਪ੍ਰੋ. ਭੁੱਲਰ ਦੀ ਸੇਵਾ ਵਿਚ ਰਿਹਾ ਹੋਵੇ ਮਿਲਦਾ ਹੈ ਤਾਂ ਉਹ ਉਹਨਾਂ ਦੇ ਗੁਣ-ਗਾਣ ਗਾਉਂਦਾ ਥੱਕਦਾ ਨਹੀਂ ਕਿ ਵੋਹ ਤੋਂ ਬਹੁਤ ਭਲੇ ਹੈ, ਸਹੀ ਰੂਪ ਮੇਂ ਸੰਤ ਹੈ ਵੋਹ, ਕਭੀ ਕਿਸੀ ਕੋ ਬੁਰਾ ਨਹੀਂ ਬੋਲਤੇ ਔਰ ਹਮੇਸ਼ਾ ਗੁਰਬਾਣੀ ਪੜ੍ਹਤੇ ਰਹਿਤੇ ਹੈ।... ਕਈਆਂ ਦਾ ਤਾਂ ਕਹਿਣਾ ਹੈ ਕਿ ਉਹ ਲਗਾਤਾਰ ੨੦-੨੦ ਘੰਟੇ ਸਿਮਰਨ ਕਰਦੇ ਰਹੇ ਹਨ।
ਪ੍ਰੋ. ਭੁੱਲਰ ਜੀ ਦੇ ਮਾਤਾ ਜੀ ਮਾਤਾ ਉਪਕਾਰ ਕੌਰ ਹੁਰਾਂ ਨਾਲ ਕਈ ਵਾਰ ਮੁਲਾਕਾਤ ਹੋਈ ਤਾਂ ਉਹਨਾਂ ਦੱਸਿਆ ਕਿ ਭੁੱਲਰ ਸਾਹਿਬ ਦਾ ਸੁਭਾਅ ਜਿਆਦਾ ਬੋਲਣ ਦਾ ਕਦੇ ਰਿਹਾ ਹੀ ਨਹੀਂ ਤੇ ਉਹ ਜਿੱਥੇ ਪੜਾਈ ਵਿਚ ਹੁਸ਼ਿਆਰ ਸੀ ਉੱਥੇ ਹਾਕੀ ਦਾ ਵੀ ਵਧੀਆ ਖਿਡਾਰੀ ਸੀ।ਮਾਤਾ ਜੀ ਜਿਆਦਾ ਕਰਕੇ ਪ੍ਰੋ. ਭੁੱਲਰ ਨੂੰ ਭੁੱਲਰ ਸਾਹਿਬ ਕਹਿ ਕੇ ਸੰਬੋਧਤ ਹੁੰਦੇ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਮਾਂ ਹੋਣ ਦੇ ਬਾਵਜੂਦ ਆਪਣੇ ਪੁੱਤਰ ਦਾ ਕਿੰਨਾ ਸਨਮਾਨ ਕਰਦੇ ਹਨ।
ਪ੍ਰੋ. ਭੁੱਲਰ ਦੀ ਧਰਮ ਸੁਪਤਨੀ ਬੀਬੀ ਨਵਨੀਤ ਕੌਰ ਦਾ ਤਪ ਵੀ ਮਿਸਾਲੀ ਹੈ ਕਿਉਂਕਿ ਉਹਨਾਂ ਦੇ ਵਿਆਹ ਸਤੰਬਰ ੧੯੯੪ ਤੋਂ ਤਕਰੀਬਨ ੧੦-੧੫ ਦਿਨਾਂ ਬਾਅਦ ਹੀ ਪੁਲਿਸ ਦੀਆਂ ਡਾਰਾਂ ਪ੍ਰੋ. ਭੁੱਲਰ ਨੂੰ ਭਾਲਦੀਆਂ ਫਿਰ ਰਹੀਆਂ ਸਨ ਅਤੇ ਦਸੰਬਰ ੧੯੯੪ ਵਿਚ ਪ੍ਰੋ. ਭੁੱਲਰ ਜਰਮਨੀ ਚਲੇ ਗਏ ਜਿੱਥੋਂ ਉਹਨਾਂ ਨੂੰ ਜਨਵਰੀ ੧੯੯੫ ਵਿਚ ਡਿਪੋਟਰਟ ਕਰ ਦਿੱਤਾ ਗਿਆ ਅਤੇ ਬੀਬੀ ਜੀ ਨੇ ਅਕਾਲ ਪੁਰਖ ਦਾ ਓਟ-ਆਸਰਾ ਲੈ ਕੇ ਇਕ ਸਿਰੜ ਭਰਿਆ ਸਮਾਂ ਬਤੀਤ ਕੀਤਾ।ਜਦੋਂ ਮੈਂ ਪ੍ਰੋ. ਭੁੱਲਰ ਨੂੰ ਮਿਲਣ ਤਿਹਾੜ ਜੇਲ੍ਹ ਗਿਆ ਤਾਂ ਉਹਨਾਂ ਦੀਆਂ ਅੱਖਾਂ ਵਿਚ ਅਜਬ ਚਮਕ ਦੇਖੀ ਤੇ ਉਹਨਾਂ ਬੜੀ ਆਸ ਪ੍ਰਗਟਾਈ ਕਿ ਨੌਜਵਾਨ ਸਿੱਖ ਹਿੱਤਾਂ ਲਈ ਵਿੱਦਿਆ ਨਾਲ ਲੈੱਸ ਹੋ ਕੇ ਸੰਘਰਸ਼ ਨੂੰ ਨਵੀਆਂ ਲੀਹਾਂ ਤੇ ਤੋਰਨਗੇ।
ਪ੍ਰੋ. ਭੁੱਲਰ ਨੂੰ ਫਾਂਸੀ ਦੀ ਸਜ਼ਾ ਉਪਰ ਜਦੋਂ ਸੁਪਰੀਮ ਕੋਰਟ ਨੇ ਸਹੀ ਪਾਈ ਤਾਂ ਪ੍ਰੋ. ਭੁੱਲਰ ਰਾਸ਼ਟਰਪਤੀ ਕੋਲ ਅਪੀਲ ਲਈ ਸਹਿਮਤ ਨਹੀ ਸਨ ਹੋ ਰਹੇ।ਉਹ ਰਾਸ਼ਟਰਪਤੀ ਕੋਲ ਅਪੀਲ ਨਾ ਪਾਉਂਣ ਲਈ ਬਜ਼ਿੱਦ ਸਨ ਤੇ ਇਸ ਸਬੰਧੀ ਨਾ ਤਾਂ ਆਪਣੇ ਮਾਤਾ ਤੇ ਨਾ ਹੀ ਆਪਣੀ ਪਤਨੀ ਦੀ ਗੱਲ ਸੁਣ ਰਹੇ ਸਨ ਤਾਂ ਪੰਥਕ ਦਰਦੀਆਂ ਤੇ ਜਥੇਬੰਦੀਆਂ ਵਲੋਂ ਸਮੇਂ ਨੂੰ ਵਿਚਾਰਦਿਆਂ ਉਹਨਾਂ ਨੂੰ ਰਾਸ਼ਟਰਪਤੀ ਕੋਲ ਅਪੀਲ ਪਾਉਂਣ ਲਈ ਰਾਜ਼ੀ ਕੀਤਾ ਤੇ ਐਨ ਆਖਰੀ ਮੌਕੇ ਉਹਨਾਂ ਦੀ ਫਾਂਸੀ ਦੀ ਸਜ਼ਾ ਰੱਦ ਕਰਨ ਦੀ ਅਪੀਲ ਰਾਸ਼ਟਰਪਤੀ ਕੋਲ ਪਾਈ ਗਈ। ਰਾਸ਼ਟਰਪਤੀ ਕੋਲ ਅਪੀਲ ਪਾ ਕੇ ਵੀ ਉਹਨਾਂ ਨੇ ਕਦੇ ਰਹਿਮ ਦੀ ਆਸ ਨਹੀਂ ਰੱਖੀ ਤੇ ਨਾ ਹੀ ਇਹ ਉਹਨਾਂ ਦਾ ਨਿੱਜੀ ਜਾਂ ਪਰਿਵਾਰਕ ਫੈਸਲਾ ਸੀ ਪਰ ਜਥੇਬੰਦੀਆਂ ਤੇ ਪਿਆਰੇ ਮਿੱਤਰਾਂ ਦੇ ਹੁਕਮ ਅੱਗੇ ਸਿਰ ਝੁਕਾ ਦਿੱਤਾ।ਸਭ ਤੋਂ ਵੱਡੀ ਗੱਲ ਹੈ ਕਿ ਭਾਰਤੀ ਕਾਨੂੰਨ ਮੁਤਾਬਕ ਵੀ ਪ੍ਰੋ. ਭੁੱਲਰ ਨੂੰ ਫਾਂਸੀ ਸਹੀ ਨਹੀਂ ਕਹੀ ਜਾ ਸਕਦੀ ਤੇ ਕੌਮਾਂਤਰੀ ਪੱਧਰ ਉੱਤੇ ਵੀ ਇਹ ਗੱਲ ਮੰਨੀ ਜਾ ਚੁੱਕੀ ਹੈ।
ਪ੍ਰੋ. ਭੁੱਲਰ ਨੇ ਕਦੇ ਕਿਸੇ ਕਿਸਮ ਦੀ ਅਖਬਾਰੀ ਬਿਆਨਬਾਜ਼ੀ ਨਹੀਂ ਕੀਤੀ ਨਾ ਹੀ ਉਹਨਾਂ ਕਦੇ ਆਪਣਾ ਆਪ ਜਤਾਇਆ ਕਿ ਮੈਂ ਕੋਈ ਪੰਥ ਦਾ ਬਹੁਤ ਵੱਡਾ ਸੇਵਾਦਾਰ ਹਾਂ। ਉਹ ਤਾਂ ਕਹਿੰਦੇ ਹਨ ਕਿ ਅਸੀਂ ਤਾਂ ਅਪਣਾ ਸਿੱਖ ਹੋਣ ਦਾ ਫਰਜ਼ ਅਦਾ ਕੀਤਾ ਹੈ ਅਤੇ ਇਹ ਕਿਸੇ ਉਪਰ ਕੋਈ ਅਹਿਸਾਨ ਨਹੀਂ ਕੀਤਾ, ਉਹਨਾਂ ਜਾਂ ਉਹਨਾਂ ਦੇ ਪਰਿਵਾਰ ਨੇ ਕਦੇ ਪੰਥ ਜਾਂ ਸੰਘਰਸ਼ ਦੇ ਨਾਮ ਉਪਰ ਕਦੇ ਕਿਸੇ ਕੋਲੋਂ ਕੋਈ ਮੰਗ ਨਹੀਂ ਕੀਤੀ ਸਗੋਂ ਉਹਨਾਂ ਨਾਲ ਜੇਲ਼੍ਹ ਵਿਚ ਰਹਿਣ ਵਾਲੇ ਬਾ-ਖੂਬੀ ਜਾਣਦੇ ਹਨ ਕਿ ਉਹਨਾਂ ਦੀਆਂ ਆਪਣੀਆਂ ਨਿੱਜੀ ਲੋੜਾਂ ਬਹੁਤ ਸੀਮਤ ਰਹੀਆਂ ਤੇ ਉਹ ਹਮੇਸ਼ਾਂ ਜਿੱਥੇ ਸਿੱਖ ਬੰਦੀਆਂ ਦੀਆਂ ਨਿੱਜੀ, ਪਰਿਵਾਰਕ ਤੇ ਕਾਨੂੰਨੀ ਲੋੜਾਂ ਲਈ ਫਿਕਰਮੰਦ ਰਹਿੰਦੇ ਉੱਥੇ ਜੇਲ੍ਹ ਵਿਚ ਬੰਦ ਗਰੀਬ ਲੋਕਾਂ ਤੇ ਇੱਥੋਂ ਤੱਕ ਕਿ ਆਰਥਿਕ ਤੌਰ ਤੇ ਕਮਜ਼ੋਰ ਜੇਲ੍ਹ ਕਰਮਚਾਰੀਆਂ ਦੀਆਂ ਲੋੜਾਂ ਦਾ ਵੀ ਪ੍ਰਬੰਧ ਕਰ ਦਿੰਦੇ।ਪਰਉਪਕਾਰੀ ਸੰਤ ਵਾਲੇ ਸਾਰੇ ਗੁਣ ਉਹਨਾਂ ਵਿਚ ਮੌਜੂਦ ਹਨ।ਆਸ ਹੈ ਕਿ ਉਹ ਜਲਦੀ ਜੇਲ੍ਹ ਤੋਂ ਰਿਹਾ ਹੋ ਕੇ ਹਮੇਸ਼ਾ ਵਾਂਗ ਗੁਰੂ ਭਾਣੇ ਵਿਚ ਆਪਣੀ ਅਗਲੀ ਜਿੰਦਗੀ ਬਤੀਤ ਕਰਨਗੇ। ਅਕਾਲ ਪੁਰਖ ਪਰਮਾਤਮਾ ਸਮੁੱਚੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੇ। ਇਸ ਮੌਕੇ ਪ੍ਰੋ. ਹਰਿੰਦਰ ਸਿੰਘ ਮਹਿਬੂਬ ਜੀ ਦੀ ਕਵਿਤਾ ਦਾ ਇਹ ਬੰਦ ਮੱਲੋ-ਮੱਲੀ ਅੱਖਾਂ ਸਾਹਮਣੇ ਆ ਜਾਂਦਾ ਹੈ:
ਦੂਰ ਚੰਨ ਚਾਨਣੀ ਅੰਦਰ,
ਕੌਣ ਅਜਨਬੀ ਜਾਂਦੇ।
ਲੱਖਾਂ ਭੇਦ ਛੁਪੇ ਜੋ ਸੀਨੇ,
ਚੁੱਪ ਨਾਲ ਗਰਮਾਂਦੇ।
ਕਿਉਂ ਨ ਸੁਣੋਂ ਸਨੇਹੜੇ ਯਾਰੋ,
ਭੇਜ ਰਹੇ ਜੋ ਚਿਰ ਤੋਂ,
ਅੱਗ ਦੇ ਛੰਭ ਚ ਘਿਰੇ ਅਸਾਡੇ,
ਹੰਸ ਪਏ ਦਰਮਾਂਦੇ।
-ਐਡਵੋਕੇਟ ਜਸਪਾਲ ਸਿੰਘ ਮੰਝਪੁਰ