Wednesday, July 25, 2012

ਕੁਲਦੀਪ ਨਈਅਰ ਦਾ ‘ਸ਼ੁੱਧ ਹਿੰਦੂਤਵੀ ਚਿਹਰਾ’ ਲਿਸ਼ਕਾਂ ਮਾਰ ਰਿਹਾ ਹੈ !


ਕੁਲਦੀਪ ਨਈਅਰ ਦਾ ‘ਸ਼ੁੱਧ ਹਿੰਦੂਤਵੀ ਚਿਹਰਾ’ ਲਿਸ਼ਕਾਂ ਮਾਰ ਰਿਹਾ ਹੈ !

25 ਜੁਲਾਈ, 2012 -ਕੁਲਦੀਪ ਨਈਅਰ ਦੇ ਮੁੱਦੇ ’ਤੇ, ਲਗਾਤਾਰਤਾ ਨਾਲ ਇਹ ਸਾਡੀ ਤੀਸਰੀ ਲਿਖਤ ਹੈ। ਇਹ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਲਗਭਗ ਅੱਧੀ ਸਦੀ ਸਿੱਖ-ਦੋਸਤ ਬਣ ਕੇ ਸਿੱਖਾਂ ਨੂੰ ‘ਉੱਲੂ’ ਬਣਾਉਂਦਾ ਰਿਹਾ ਨਈਅਰ, ਇਸ ਦੁਨੀਆ ਤੋਂ ਕੂਚ ਕਰਨ ਤੋਂ ਪਹਿਲਾਂ, ਸਿੱਖ ਕੌਮ ਦੀ ਕਚਹਿਰੀ ਵਿਚ ਬੇ-ਨਕਾਬ ਅਤੇ ਬੇ-ਆਬਰੂ ਹੋਇਆ ਖੜ੍ਹਾ ਹੈ। ਪ੍ਰਸਿੱਧ ਪੱਤਰਕਾਰ ਸ. ਜਗਤਾਰ ਸਿੰਘ ਸਿੱਧੂ ਨੇ ਇੱਕ ਟਾਕ-ਸ਼ੋਅ ਵਿਚ ਸਪਸ਼ਟ ਸ਼ਬਦਾਂ ਵਿਚ ਕਿਹਾ, ‘ਨਈਅਰ ਸਬੰਧੀ ਛਿੜੀ ਤਾਜ਼ਾ ਬਹਿਸ ’ਚੋਂ ਇੱਕ ਗੱਲ ਸਾਫ਼ ਤੇ ਸਪਸ਼ਟ ਹੋ ਕੇ ਉੱਭਰਦੀ ਹੈ ਕਿ ਉਹ ਸਿੱਖਾਂ ਵਿਚ ਆਪਣੀ ਪ੍ਰਮਾਣਿਕਤਾ ਤੇ ਸਤਿਕਾਰ ਗਵਾ ਚੁੱਕਾ ਹੈ।’ ਪਿਛਲੇ ਦਿਨੀਂ ਭਾਈ ਗੁਰਦਾਸ ਹਾਲ, ਸ੍ਰੀ ਅੰਮ੍ਰਿਤਸਰ ਵਿਚ ਹੋਈ ਪੰਥਕ ਜਥੇਬੰਦੀਆਂ ਦੀ ਮੀਟਿੰਗ ਨੇ, ਕੁਲਦੀਪ ਨਈਅਰ ਦੇ ਅਖੌਤੀ ਮੁਆਫੀਨਾਮੇ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਮੰਗ ਕੀਤੀ ਹੈ ਕਿ ਕੁਲਦੀਪ ਨਈਅਰ ਸਿੱਧੇ ਤੌਰ ’ਤੇ, ਆਪਣੇ ਲੈਟਰ-ਹੈੱਡ ’ਤੇ ਮੁਆਫੀਨਾਮਾ ਲਿਖ ਕੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਭੇਜੇ ਅਤੇ ਆਪਣੀ ਲਿਖਤੀ ਪੁਸਤਕ ‘ਬਿਯੌਂਡ ਦੀ ਲਾਈਨਜ਼- ਐਨ ਆਟੋਬਾਇਗਰਾਫੀ’ ਪੁਸਤਕ ਦੀਆਂ ਸਾਰੀਆਂ ਕਾਪੀਆਂ ਮਾਰਕੀਟ ਵਿਚੋਂ ਵਾਪਸ ਮੰਗਵਾਏ ਜਾਂ ਇਨ੍ਹਾਂ ਵਿਚ ਸੋਧ ਪੱਤਰ ਛਾਪ ਕੇ ਇਨ੍ਹਾਂ ਨੂੰ ਵੇਚਿਆ ਜਾਵੇ। ਇਸ ਲਈ ਨਈਅਰ ਨੂੰ ਇੱਕ ਹਫ਼ਤੇ ਦਾ ਨੋਟਿਸ ਦਿੱਤਾ ਗਿਆ ਹੈ। ਐਸਾ ਨਾ ਕਰਨ ਦੀ ਸੂਰਤ ਵਿਚ ਪੰਥਕ ਜਥੇਬੰਦੀਆਂ, ਅਕਾਲ ਤਖ਼ਤ ਨੂੰ ਅਪੀਲ ਕਰਨਗੀਆਂ ਕਿ ਨਈਅਰ ਨੂੰ ਦਿੱਤਾ ਗਿਆ ਸਨਮਾਨ ਵਾਪਸ ਲਿਆ ਜਾਵੇ ਅਤੇ ਸਿੱਖ ਸੰਗਤਾਂ ਨੂੰ ਨਈਅਰ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਨ ਦਾ ਵੀ ਸੱਦਾ ਦਿੱਤਾ ਜਾਵੇਗਾ। ਹੈਰਾਨੀਜਨਕ ਗੱਲ ਇਹ ਹੈ ਕਿ ਇਸ ਮੁੱਦੇ ’ਤੇ ਅਜੇ ਤੱਕ ਅਕਾਲੀ ਦਲ, ਸ਼੍ਰੋਮਣੀ ਕਮੇਟੀ, ਦਮਦਮੀ ਟਕਸਾਲ, ਸੰਤ ਸਮਾਜ, ਬਾਦਲੀ ਸਿੱਖ ਸਟੂਡੈਂਟਸ ਫੈਡਰੇਸ਼ਨ (ਨਾਮ ਨਿਹਾਦ) ਆਦਿ ਨੇ ਆਪਣੀ ਕੋਈ ਪ੍ਰਤੀਕ੍ਰਿਆ ਨਹੀਂ ਦਿੱਤੀ। 
ਪੰਜਾਬੀ ਦੀ ਪ੍ਰਸਿੱਧ ਅਜੀਤ ਅਖ਼ਬਾਰ ਵਿਚ ਵੀ ਕੁਲਦੀਪ ਨਈਅਰ ਦਾ ਕਾਲਮ ਲਗਾਤਾਰਤਾ ਨਾਲ ਛਪ ਰਿਹਾ ਹੈ ਹਾਲਾਂਕਿ ਇਸ ਅਖ਼ਬਾਰ ਨੇ ਨਈਅਰ ਵਿਰੋਧੀ ਖ਼ਬਰਾਂ ਨੂੰ ਵੀ ਪ੍ਰਕਾਸ਼ਿਤ ਕੀਤਾ ਹੈ। 
ਇਸ ਸਥਿਤੀ ਦੀ ਇੱਕ ਵੱਡੀ ਤ੍ਰਾਸਦੀ ਇਹ ਹੈ ਕਿ ਦਿੱਲੀ ਦੇ ਪ੍ਰਸਿੱਧ ਸਿੱਖ ਵਕੀਲ ਸ. ਐੱਚ. ਐੱਸ. ਫੂਲਕਾ (ਜਿਨ੍ਹਾਂ ਨੇ ਨਵੰਬਰ-84 ਦੀ ਸਿੱਖ ਨਸਲਕੁਸ਼ੀ ਦਾ ਸ਼ਿਕਾਰ ਸਿੱਖ ਪਰਿਵਾਰਾਂ ਦੇ ਕੇਸਾਂ ਨੂੰ ਦਿੱਲੀ ਦੀਆਂ ਅਦਾਲਤਾਂ ਵਿਚ ਬੜੀ ਹਿੰਮਤ ਤੇ ਦਲੇਰੀ ਨਾਲ ਲੜਿਆ) ਕੁਲਦੀਪ ਨਈਅਰ ਦੀ ‘ਢਾਲ’ ਬਣ ਕੇ ਸਾਹਮਣੇ ਆਏ ਹਨ। ਸ. ਫੂਲਕਾ ਦੀ ਇਸ ਸਬੰਧੀ ਤਿੰਨ ਸਫ਼ਿਆਂ ਦੀ ਇੱਕ ਲਿਖਤ ਮੀਡੀਏ ਅਤੇ ਪੰਥਕ ਹੱਥਾਂ ਵਿਚ ਪਹੁੰਚੀ ਹੈ। ਇਸ ਲਿਖਤ ਵਿਚ ਸ. ਫੂਲਕਾ ਨੇ ਨਈਅਰ ਵੱਲੋਂ ਆਪਣੀ ਸ੍ਵੈ-ਜੀਵਨੀ ਵਿਚ ਕੀਤੀਆਂ ਗਈਆਂ ਗ਼ਲਤ ਬਿਆਨੀਆਂ ਲਈ ਤਾਂ ਸਿਰਫ਼ ਅੱਧੀ ਲਾਈਨ ਹੀ ਦਿੱਤੀ ਹੈ -
ਕੁਲਦੀਪ ਨਈਅਰ ਨੂੰ 18ਵੀਂ ਸਦੀ ਦੇ ਸਿੱਖ-ਦੋਸਤ ਦੀਵਾਨ ਕੌੜਾ ਮੱਲ ਦਾ ‘ਅਵਤਾਰ’ ਸਾਬਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਸ. ਫੂਲਕਾ ਨੇ ਨਈਅਰ ਨਾਲ 1985 ਤੋਂ ਆਰੰਭ ਹੋਈ ਉਨ੍ਹਾਂ ਦੀ ਸਾਂਝ ਤੋਂ ਸ਼ੁਰੂ ਕਰ ਕੇ, ਹੁਣ ਤੱਕ ਉਨ੍ਹਾਂ ਦੇ ਸਿੱਖ ਦੋਸਤ ਹੋਣ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ ਹਨ। ਇਸ ਵਿਚ ਮਿਸ਼ਰਾ ਕਮਿਸ਼ਨ ਸਾਹਮਣੇ ਕੇਸ ਦੀ ਪੇਸ਼ੀ, 1987 ਵਿਚ ਐਮਰਜੈਂਸੀ ਵਿਰੋਧੀ ਮੰਚ, ਜੋਧਪੁਰ ਜੇਲ੍ਹ ਦੇ ਕੈਦੀਆਂ ਦੀ ਰਿਹਾਈ ਲਈ ਇੰਡੀਆ ਗੇਟ ਅੱਗੇ ਕੀਤਾ ਗਿਆ ਮੁਜ਼ਾਹਰਾ, ਨਾਨਾਵਤੀ ਕਮਿਸ਼ਨ ਦੀ ਸਥਾਪਨਾ, ਟਾਈਟਲਰ ਤੋਂ ਅਸਤੀਫ਼ਾ ਦਿਵਾਉਣਾ ਅਤੇ ਸਿੱਖਾਂ ਦੇ ਹੱਕ ਵਿਚ ਲਿਖੇ ‘ਕਈ ਲੇਖ’ ਆਦਿ ਦਾ ਵੇਰਵੇ ਨਾਲ ਜ਼ਿਕਰ ਕੀਤਾ ਗਿਆ ਹੈ। ਇਸ ਲੰਬੇ-ਚੌੜੇ ‘ਨਈਅਰ ਗੁਣਗਾਨਾਂ’ ਤੋਂ ਬਾਅਦ ਸ. ਫੂਲਕਾ ਅਖੀਰ ਵਿਚ ਸਿੱਖ ਕੌਮ ਨੂੰ ‘ਉਨ੍ਹਾਂ ਦੀ ਭਲਾਈ’ ਦਾ ਰਸਤਾ ਸੁਝਾਉਂਦੇ ਲਿਖਦੇ ਹਨ,  ‘ਹੁਣ ਜਦੋਂ ਕੁਲਦੀਪ ਨਈਅਰ ਨੇ ਮੁਆਫ਼ੀ ਮੰਗ ਲਈ ਹੈ ਤਾਂ ਇਸ ਨੂੰ ਮਨਜ਼ੂਰ ਕਰ ਕੇ, ਇਹ ਮਾਮਲਾ ਇੱਥੇ ਹੀ ਖ਼ਤਮ ਕਰਨਾ ਚਾਹੀਦਾ ਹੈ, ਇਸੇ ਵਿਚ ਕੌਮ ਦੀ ਭਲਾਈ ਹੈ।’ 
ਅਸੀਂ ਸ. ਫੂਲਕਾ ਦੇ ਪ੍ਰਸੰਸਕ ਹਾਂ ਕਿਉਂਕਿ ਉਨ੍ਹਾਂ ਨੇ ਜਗਦੀਸ਼ ਟਾਈਟਲਰ, ਐੱਚ. ਕੇ. ਐਲ. ਭਗਤ, ਸੱਜਣ ਕੁਮਾਰ ਵਰਗੇ ਗੁੰਡਿਆਂ ਦੀਆਂ ਧਮਕੀਆਂ ਦੇ ਬਾਵਜੂਦ, ਨਵੰਬਰ-84 ਦੇ ਸਿੱਖ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੀ ਆਪਣੀ ਲੜਾਈ ਜਾਰੀ ਰੱਖੀ। 
ਬਾਹਰਲੇ ਦੇਸ਼ਾਂ ਵਿਚ ਆਪਣੀ ਯਾਤਰਾ ਦੌਰਾਨ ਖ਼ਾਲਿਸਤਾਨ ਦੇ ਮੁੱਦੇ ਦੀ ਵਿਰੋਧਤਾ ਕਰਦਿਆਂ, ਉਨ੍ਹਾਂ ਭਾਰਤੀ ਸੰਵਿਧਾਨ ਵਿਚ ਆਸਥਾ ਪ੍ਰਗਟ ਕਰ ਕੇ, ਆਪਣੇ ਬਾਰੇ ਕਿਸੇ ਨੂੰ ਕੋਈ ਭੁਲੇਖਾ ਨਹੀਂ ਰਹਿਣ ਦਿੱਤਾ। ਸ਼ਾਇਦ ਨਈਅਰ ਦੇ ਹੱਕ ਵਿਚ ਉਨ੍ਹਾਂ ਦਾ ‘ਤਾਜ਼ਾ ਸਟੈਂਡ’ ਵੀ ਬਿਬੇਕ ਬੁੱਧੀ ਨਾਲੋਂ ਜ਼ਿਆਦਾ ‘ਦੋਸਤੀ’ ਅਤੇ ‘ਚੈਲੇਂਜ ਕਰਨ ਦੇ ਹੌਸਲੇ’ ਤੋਂ ਉਪਜਿਆ ਹੈ। ਨਹੀਂ ਤਾਂ ਜੇ ਸ. ਫੂਲਕਾ ਨਈਅਰ ਦੀ ਪੁਸਤਕ ’ਤੇ ਕੋਈ ਟਿੱਪਣੀ ਨਾਂਹਪੱਖੀ ਨਹੀਂ ਵੀ ਕਰਨਾ ਚਾਹੁੰਦੇ ਸਨ ਤਾਂ ਘੱਟੋ-ਘੱਟ ‘ਚੁੱਪ’ ਜ਼ਰੂਰ ਰਹਿ ਸਕਦੇ ਸਨ। 
ਸ. ਫੂਲਕਾ ਦੀ ਲਿਖਤ ਦਾ, ਦਲ ਖ਼ਾਲਸਾ ਜਥੇਬੰਦੀ ਨੇ ਗੰਭੀਰ ਨੋਟਿਸ ਲੈਂਦਿਆਂ, ਇਸ ਸਬੰਧੀ ਉਨ੍ਹਾਂ ਨੂੰ ਖੁੱਲ੍ਹਾ ਪੱਤਰ – ਮੁਖ਼ਾਤਬ ਕੀਤਾ ਹੈ, ਜਿਸ ਦਾ ਹੂਬਹੂ ਉਤਾਰਾ ਅਸੀਂ ਆਪਣੀ ਅੰਗਰੇਜ਼ੀ ਲਿਖਤ ਵਿਚ ਦਿੱਤਾ ਹੈ। ਦਲ ਖ਼ਾਲਸਾ ਦਾ ਕਹਿਣਾ ਹੈ ਕਿ, ‘‘ਨਈਅਰ ਨੇ ਆਪਣੀ ਤਾਜ਼ਾ ਲਿਖਤ ਵਿਚ ਜੂਨ-84 ਦੇ ਸ਼ਹੀਦਾਂ ਦੀ ਯਾਦ ਵਿਚ ਬਣ ਰਹੀ ਯਾਦਗਾਰ ਅਤੇ ਸਿੱਖ ਸੰਸਥਾਵਾਂ ਦਾ ਵਿਰੋਧ ਤਾਂ ਕੀਤਾ ਹੀ ਹੈ ਪਰ ਉਸ ਨੇ ਸਾਰੇ ਹੱਦਾਂ-ਬੰਨੇ ਟੱਪਦਿਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਭੋਗ ਪਾ ਦੇਣ ਦੀ ਵਕਾਲਤ ਵੀ ਕੀਤੀ ਹੈ। ਨਈਅਰ ਨੇ ਜੇ ਸਿੱਖਾਂ ਦੇ ਖ਼ਿਲਾਫ਼ ਹੋ ਰਹੇ ਅਨਿਆਂ ਦੇ ਖ਼ਿਲਾਫ਼ ਆਵਾਜ਼ ਉਠਾਈ ਵੀ ਹੋਵੇ ਤਾਂ ਇਸ ਨਾਲ ਉਸ ਨੂੰ ਇਹ ਲਾਇਸੈਂਸ ਤਾਂ ਨਹੀਂ ਮਿਲ ਜਾਂਦਾ ਕਿ ਉਹ ਸਿੱਖਾਂ ਦੇ ਧਰਮ, ਰਵਾਇਤਾਂ ਅਤੇ ਸਿੱਖੀ ਕਦਰਾਂ-ਕੀਮਤਾਂ ਨੂੰ ਆਪਣੇ ਘਟੀਆ ਹਮਲੇ ਦਾ ਬੇਰੋਕ-ਟੋਕ ਸ਼ਿਕਾਰ ਬਣਾ ਸਕਦਾ ਹੈ। …..ਜਿੱਥੋਂ ਤੱਕ ਉਸ ਦੀ ਅਖੌਤੀ ਮੁਆਫ਼ੀ ਦਾ ਸਬੰਧ ਹੈ, ਇਹ ਉਸ ਵੱਲੋਂ ਸਿੱਧੇ ਤੌਰ ’ਤੇ ਨਹੀਂ ਆਈ, ਇਸ ਲਈ ਇਸ ਦੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ। ……ਇੱਕ ਗੱਲ ਨਿਸ਼ਚੇਵਾਚਕ ਹੈ ਕਿ ਨਈਅਰ ਨੂੰ ਸਿੱਖ ਕੌਮ ਦੀ ਡਾਂਟ-ਫਿਟਕਾਰ ਦੀ ਡਾਢੀ ਲੋੜ ਹੈ। ਆਖ਼ਿਰ ਕਦੋਂ ਤੱਕ ਸਿੱਖ ਆਪਣੇ ਸ਼ਹੀਦਾਂ ਦਾ ਅਪਮਾਨ ਸਹਿੰਦੇ ਰਹਿਣਗੇ? ਹੁਣ ਬਹੁਤ ਹੋ ਚੁੱਕਾ ਹੈ! ਸਥਿਤੀ ਦੀ ਤ੍ਰਾਸਦੀ ਇਹ ਹੈ ਕਿ ਤੁਹਾਡੇ ਵਰਗੇ ਸਤਿਕਾਰਤ ਸਿੱਖ, ਉਸ ਬੰਦੇ ਦੇ ‘ਡਿਫੈਂਸ’ ਲਈ ਅੱਗੇ ਆਏ ਹਨ, ਜਿਸ ਨੇ ਸਿੱਖ ਹਿਰਦਿਆਂ ਨੂੰ ਵਲੂੰਧਰਿਆ ਹੈ। ਜੇ ਕੁਲਦੀਪ ਨਈਅਰ ‘ਦੁਸ਼ਮਣ’ ਨਾ ਵੀ ਹੋਵੇ ਤਾਂ ਵੀ ਉਹ ‘ਦੋਸ਼ੀ’ ਜ਼ਰੂਰ ਹੈ….।’’ 
ਅਸੀਂ ਦਲ ਖ਼ਾਲਸਾ ਵੱਲੋਂ ਸਭਿਅਕ ਅੰਦਾਜ਼ ਵਿਚ ਲਏ ਪੁਰ-ਦਲੀਲ ਸਟੈਂਡ ਦੀ ਮੁਕੰਮਲ ਹਮਾਇਤ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਸ. ਫੂਲਕਾ ਆਪਣੇ ਮਿੱਤਰ ਨਈਅਰ ਨੂੰ ਇਹ ਸਮਝਾਉਣ ਵਿਚ ਕਾਮਯਾਬ ਹੋਣਗੇ ਕਿ ਉਹ ਸਿੱਖ ਕੌਮ ਤੋਂ ਆਪਣੀਆਂ ਖੁਨਾਮੀਆਂ ਦੀ ਬਿਨਾ-ਸ਼ਰਤ ਮੁਆਫ਼ੀ ਮੰਗੇ ਅਤੇ ਆਪਣੀ ਪੁਸਤਕ ਨੂੰ ਮਾਰਕੀਟ ਵਿਚੋਂ ਵਾਪਸ ਮੰਗਵਾ ਕੇ, ਸੁਧਾਈ ਕਰ ਕੇ ਮੁੜ ਪ੍ਰਕਾਸ਼ਿਤ ਕਰੇ। ਵੈਸੇ ਕਿਉਂਕਿ ਸ. ਫੂਲਕਾ ਨਵੰਬਰ-84 ਦੇ ਕੇਸਾਂ ਨਾਲ ਭਾਰੀ ਭਾਵੁਕ ਸਾਂਝ ਰੱਖਦੇ ਹਨ, ਇਸ ਲਈ ਚੰਗਾ ਹੋਵੇਗਾ ਕਿ ਉਹ ਇਸ ਸਬੰਧੀ 15 ਨਵੰਬਰ, 1984 ਨੂੰ ਕੁਲਦੀਪ ਨਈਅਰ ਵੱਲੋਂ ‘ਜੱਗ ਬਾਣੀ’ ਅਖ਼ਬਾਰ ਵਿਚ ਲਿਖੀ ਲਿਖਤ, ‘ਸਿੱਖ ਮਸਲੇ ਨੂੰ ਸੂਝਬੂਝ ਨਾਲ ਹੱਲ ਕਰਨ ਦੀ ਲੋੜ’ ’ਤੇ ਇੱਕ ਝਾਤ ਵੀ ਜ਼ਰੂਰ ਮਾਰ ਲੈਣ। ਯਾਦ ਰਹੇ ਇਹ ਲਿਖਤ ਉਨ੍ਹਾਂ ਦਿਨਾਂ ਵਿਚ ਲਿਖੀ ਗਈ ਜਦੋਂ ਅਜੇ ਦਿੱਲੀ ਦੀਆਂ ਗਲੀਆਂ ਵਿਚ ਕੁੱਤੇ, ਸਿੱਖ ਲਾਸ਼ਾਂ ਨੂੰ ਖਾ ਰਹੇ ਸਨ। ਨਈਅਰ ਦੀ ਅਖੌਤੀ ‘ਸਿੱਖ ਦੋਸਤੀ’ ਦੀ ਇੱਕ ਝਲਕ ਵੇਖੋ !
ਨਈਅਰ ਅਨੁਸਾਰ, ‘‘ਹਿੰਦੂ ਇਹ ਕਦੀ ਪ੍ਰਵਾਨ ਨਹੀਂ ਕਰਨਗੇ ਕਿ ਸਿੱਖ ਇੱਕ ਵੱਖਰੀ ਕੌਮ ਹਨ। ਭਾਰਤ ਅੰਦਰ ਸਿੱਖਾਂ ਦੀ ਇੱਕ ਫ਼ਿਰਕੇ ਵਜੋਂ, ਓਨਾ ਚਿਰ ਹੀ ਮਹੱਤਤਾ ਹੈ, ਜਿੰਨਾ ਚਿਰ ਉਹ ਇਸ ਰਾਸ਼ਟਰ ਦਾ ਅਨਿੱਖੜਵਾਂ ਅੰਗ ਹਨ। ਸਿੱਖਾਂ ਨੇ, ਜੇ ਇਸ ਤੋਂ ਇਲਾਵਾ ਕੋਈ ਹੋਰ ਭੂਮਿਕਾ ਨਿਭਾਈ ਤਾਂ ਇਹ ਉਨ੍ਹਾਂ ਲਈ ਖ਼ਤਰੇ ਤੋਂ ਖ਼ਾਲੀ ਨਹੀਂ…….’’ ਇਹ ਪੜ੍ਹਨ ਤੋਂ ਬਾਅਦ ਵੀ ਜੇ ਸਰਦਾਰ ਫੂਲਕਾ ਜਾਂ ਉਨ੍ਹਾਂ ਦੀ ਸੋਚ ਵਾਲੇ, ਸਿੱਖਾਂ ਵਿਚਲੇ ‘ਮਾਫ਼ੀ ਬ੍ਰਿਗੇਡ’ ਨੂੰ ਕੁਲਦੀਪ ਨਈਅਰ ਬਾਰੇ ਕੋਈ ਭੁਲੇਖਾ ਰਹਿ ਜਾਏ, ਤਾਂ ਫੇਰ ਗੁਰੂ ਹੀ ਰਾਖਾ ਹੈ। 
ਕਬੀਰ ਸਾਹਿਬ ਦੇ ਇਸ ਫ਼ਰਮਾਨ ਨਾਲ ਅਸੀਂ ਆਪਣੀ ਲਿਖਤ ਸੰਕੋਚਦੇ ਹਾਂ -
‘ਕਬੀਰ ਮਨ ਜਾਨਤ ਸਭ ਬਾਤ
ਜਾਨਤ ਹੀ ਅਉਗਣ ਕਰੇ॥
ਕਾਹੇ ਕੀ ਕੁਸਲਾਤ
ਹਾਥ ਦੀਪ ਕੂੰਏ ਪਰੇ॥’